• icon0183-5015511, 2258097, 5014411
  • iconkhalsacollegeamritsar@yahoo.com
  • IQAC

Department

Punjabi kavi darbaar organised by P.G. Department of Punjabi Studies


 

ਖ਼ਾਲਸਾਕਾਲਜ ਅੰਮ੍ਰਿਤਸਰ ਵਿਖੇ ਸ਼ਾਨਦਾਰ ਪੰਜਾਬੀ ਕਵੀ ਦਰਬਾਰ

ਕਾਲਜ ਸਿਮਰਤੀਆਂ ਸਿਰਜਣ ਦੀ ਜਰਖ਼ੇਜ਼ ਭੂਮੀ ਹੁੰਦੀ ਐ: ਡਾ. ਸੁਰਜੀਤ ਪਾਤਰ



        ਅੰਮ੍ਰਿਤਸਰ, ੨੧ ਸਤੰਬਰ: "ਖਾਲਸਾ ਕਾਲਜ ਆ ਕੇ ਮੈਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਗਏ, ਜਦੋਂ ਅਸੀਂ ਇੱਥੇ ਅਜ਼ੀਮ ਸ਼ਾਇਰਾਂ ਨੂੰ ਸੁਣਨ ਆਉਂਦੇ ਸੀ। ਵਿਦਿਆਰਥੀ ਅੱਜ ਸਾਨੂੰ ਸੁਣਨ ਆਏ ਨੇ, ਉਮੀਦ ਹੈ ਇਹ ਸਾਡਾ ਇਤਿਹਾਸ ਦੁਹਰਾਉਣਗੇ, ਸਾਨੂੰ ਆਪਣੇ ਚੇਤਿਆਂ ਵਿਚ ਯਾਦ ਰੱਖਣਗੇ।ਕਾਲਜ ਸਿਮਰਤੀਆਂ ਸਿਰਜਣ ਦੀ ਜਰਖ਼ੇਜ਼ ਭੂਮੀ ਹੁੰਦੀ ਐ।ਮੈਂ ਕਾਲਜਾਂ ਵਿਚ ਨਵੇਂ ਕਵੀਆਂ ਨੂੰ ਸੁਣਨ ਆਉਂਦਾ ਹਾਂ। ਜੇ ਮੈਂ ਸ਼ਾਇਰ ਨਾ ਹੁਮਦਾ ਤਾਂ ਮੈਂ ਇਕ ਚੰਗਾ ਸਰੋਤਾ ਹੋਣਾ ਸੀ।" ਇਹ ਸ਼ਬਦ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਨੇ ਖ਼ਾਲਸਾ ਕਾਲਜ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਭਰਵੇਂ ਪੰਜਾਬੀ ਕਵੀ ਦਰਬਾਰ ਦੌਰਨ ਮੁੱਖ-ਮਹਿਮਾਨ ਵਜੋਂ ਬੋਲਦਿਆਂ ਕਹੇ। ਇਹ ਕਵੀ ਦਰਬਾਰ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਅਤੇ ਏਕਮ ਸਾਹਿਤਕ ਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ। ਇਸ ਮੌਕੇ ਤੇ ਪੰਜਾਬ ਭਰ ਵਿਚੋਂ ਵੀਹ ਦੇ ਕਰੀਬ ਪੰਜਾਬੀ ਦੇ ਚੋਟੀ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਦਾ ਪਾਠ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ।

 

      ਕਾਲਜ ਪ੍ਰਿਸੀਪਲ ਡਾ. ਮਹਿਲ ਸਿੰਘ ਨੇ ਕਾਲਜ ਵਿਹੜੇ ਆਏ ਕਵੀਆਂ, ਕਾਲਜ ਦੇ ਵਿਦਿਆਰਥੀਆਂ ਅਤੇ ਸ਼ਹਿਰ ਵਿਚੋਂ ਵੱਡੀ ਗਿਣਤੀ ਵਿਚ ਪਹੁੰਚੇ ਕਾਵਿ-ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਖ਼ਾਲਸਾ ਕਾਲਜ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਤਰੱਕੀ ਅਤੇ ਬੇਹਤਰੀ ਵਾਸਤੇ ਹਮੇਸ਼ਾਂ ਤਤਪਰ ਰਿਹਾ ਹੈ। ਉਹਨਾਂ ਦਸਿਆ ਕਿ ਪੰਜਾਬੀ ਦੇ ਵੱਡੇ ਸਾਹਿਤਕਾਰ ਖ਼ਾਲਸਾ ਕਾਲਜ ਨਾਲ ਸਬੰਧਤ ਰਹੇ ਹਨ ਅਤੇ ਬੀਤੇ ਸਮੇਂ ਵਿਚ ਵੱਡੇ ਵੱਡੇ ਸਾਹਿਤਕ ਸਮਾਗਮ ਏਥੇ ਹੁੰਦੇ ਰਹੇ ਹਨ। ਉਹਨਾਂ ਕਿਹਾ ਕਿ ਖ਼ਾਲਸਾ ਕਾਲਜ ਹਰ ਸੰਸਥਾ ਨੂੰ ਆਪਣੇ ਵਿਹੜੇ ਵਿੱਚ ਸੰਜੀਦਾ ਕਿਸਮ ਦੇ ਸਮਾਗਮ ਕਰਵਾਉਣ ਲਈ ਖੁੱਲ੍ਹਾ ਸੱਦਾ ਦਿੰਦਾ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਅਜਿਹੇ ਕਵੀ ਦਰਬਾਰ ਸਾਹਿਤਕ ਸਫਾਂ ਵਿਚ ਤਾਜ਼ਗੀ ਲਿਆਉਂਦੇ ਹਨ। ਵਿਦਿਆਰਥੀਆਂ ਦੇ ਜੀਵਨ ਵਿਚ ਸਾਹਿਤ ਉਸਾਰੂ ਭੂਮਿਕਾ ਨਿਭਾਉਂਦਾ ਹੈ। ਸਾਹਿਤ ਦੇ ਨਵੇਂ ਦੌਰਾਂ ਨੁੰ ਸਮਝਣ ਲਈ ਅਜਿਹੇ ਕਵੀ ਦਰਬਾਰਾਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ।

 

    ਇਸ ਮੌਕੇ ਤੇ ਪੰਜਾਬੀ ਦੇ ਸਿਰਮੌਰ ਕਵੀਆਂ ਜਸਵੰਤ ਜ਼ਫਰ, ਡਾ. ਰਵਿੰਦਰ, ਦਰਸ਼ਨ ਬੁੱਟਰ, ਭਗਵਾਨ ਢਿਲੋਂ, ਹਰਮੀਤ ਵਿਦਿਆਰਥੀ, ਗੁਰਤੇਜ ਕੋਹਾਰਵਾਲਾ, ਸੁਹਿੰਦਰਬੀਰ, ਸੁਰਿੰਦਰਪ੍ਰੀਤ ਘਣੀਆਂ, ਪਾਲ ਕੌਰ, ਰਮਨ ਸੰਧੂ, ਨਰਿੰਦਰਪਾਲ ਕੰਗ, ਵਿਸ਼ਾਲ, ਪ੍ਰਵਾਸੀ ਕਵੀ ਕਰਨੈਲ ਸ਼ੇਰਗਿੱਲ, ਨਵਰੂਪ ਕੌਰ, ਅਜੀਤਪਾਲ ਮੋਗਾ, ਡਾ. ਖੁਸ਼ਵੀਨ, ਅਜੈਬ ਸਿੰਘ ਹੁੰਦਲ ਅਤੇ ਕਈ ਹੋਰ ਸਥਾਨਕ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ।

 

       ਕਵੀ ਦਰਬਾਰ ਦੇ ਅੰਤ ਤੇ ਆਏ ਪ੍ਰਾਹੁਣਿਆਂ ਦਾ ਧੰਨਵਾਦ ਕਰਦਿਆਂ ਏਕਮ ਸਾਹਿਤਕ ਮੰਚ ਅੰਮ੍ਰਿਤਸਰ ਦੀ ਪ੍ਰਧਾਨ ਅਤੇ ਅੰਮ੍ਰਿਤਸਰ ਦੀ ਮਸ਼ਹੂਰ ਸ਼ਾਇਰਾ ਅਰਤਿੰਦਰ ਸੰਧੂ ਨੇ ਕਿਹਾ ਕਿ ਅੱਜ ਪੰਜਾਬੀ ਦੇ ਏਨੇ ਸਮਰੱਥ ਕਵੀਆਂ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਚ ਸੁਣ ਕੇ ਅਸੀਂ ਮਾਣ ਮਹਿਸੁਸ ਕਰਦੇ ਹਾਂ ਅਤੇ ਅਜਿਹੇ ਮਾਣਮੱਤੇ ਮੌਕੇ ਪੈਦਾ ਕਰਨ ਲਈ ਪੰਜਾਬ ਕਲਾ ਪਰਿਸ਼ਦ ਦੇ ਧੰਨਵਾਦੀ  ਹਾਂ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮੇਜ਼ਬਾਨ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਨਿਭਾਈ। ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਵਿਭਾਗ ਦੇ  ਧਿਆਪਕਾ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ ਅਤੇ ਡਾ. ਹਰਜੀਤ ਕੌਰ ਦੇ ਨਾਲ_ਨਾਲ ਸਮੂਹ ਸਟਾਫ਼ ਮੈਂਬਰਾਂ ਨੇ ਵੱਡੀ ਭੂਮਿਕਾ ਨਿਭਾਈ। ਖਚਾਖਚ ਭਰੇ ਹਾਲ ਵਿਚ ਕਾਲਜ ਦੇਟ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਨਾਲ_ਨਾਲ ਸ਼ਹਿਰ ਦੀਆਂ ਸਾਹਿਤ, ਕਲਾ ਅਤੇ ਅਕਾਦਮਿਕ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।