ਖ਼ਾਲਸਾ ਕਾਲਜ ਵਿਖੇ ਅਦਾਰਾ ਪ੍ਰਵਚਨ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਗੋਸ਼ਟੀ ਦਾ ਆਗਾਜ਼ ਕੀਤਾ ਗਿਆ। ਗੋਸ਼ਟੀ ਵਿਚ ਭਾਗ ਲੈਣ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤ ਸਬੰਧੀ ਗੰਭੀਰ ਵਿਚਾਰ ਚਰਚਾ ਕਰਨ ਲਈ ਹਰ ਸਾਲ ਡਲਹੌਜ਼ੀ ਵਿਖੇ ਮਨਮੋਹਨ ਬਾਵਾ ਦੇ ਹੋਟਲ 'ਚ ਸਾਹਿਤਕ ਗੋਸ਼ਟੀ ਕਰਵਾਈ ਜਾਂਦੀ ਸੀ ਪਰ ਪਿਛਲੇ ਸਾਲ ਤੋਂ ਗੋਸ਼ਟੀ ਦੇ ਸੂਤਰਧਾਰ ਅਤੇ ਪੰਜਾਬੀ ਦੇ ਪ੍ਰਮੁੱਖ ਵਿਦਵਾਨ ਡਾ. ਆਰਬੀ ਸਿੰਘ ਦੇ ਬਿਮਾਰ ਹੋਣ ਕਾਰਨ ਇਹ ਗੋਸ਼ਟੀ ਖ਼ਾਲਸਾ ਕਾਲਜ ਵਿਖੇ ਹੋਣ ਲੱਗੀ ਹੈ। ਇਸ ਸਾਲ ਦੀ ਗੋਸ਼ਟੀ ਉਨ੍ਹਾਂ ਦੀ ਯਾਦ ਨੂੰ ਹੀ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਕਾਲਜ ਹਰ ਸਮੇਂ ਵਿਦਵਾਨਾਂ ਅਤੇ ਸਾਹਿਤਕਾਰਾਂ ਦੇ ਵਿਚਾਰ ਵਟਾਂਦਰੇ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਦਾ ਹੈ।
ਗੋਸ਼ਟੀ ਦਾ ਆਗਾਜ਼ ਕਰਦਿਆਂ ‘ਸਮਕਾਲੀ ਪੰਜਾਬੀ ਸਾਹਿਤ ਦੇ ਪ੍ਰਮੁਖ ਸਰੋਕਾਰ’ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਧਨਵੰਤ ਕੌਰ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਦੌਰਾਨ ਰਚੇ ਜਾ ਰਹੇ ਸਾਹਿਤ 'ਚ ਤਿੰਨ ਵਿਸ਼ੇ ਉਭਰਵੇਂ ਰੂਪ 'ਚ ਆ ਰਹੇ ਹਨ 1. ਪਿੰਡ, ਕਿਸਾਨੀ, ਕਾਰੋਪਰੇਟੀ ਚਾਲਾਂ ਅਤੇ ਪ੍ਰਤੀਰੋਧ ਦੀ ਸੁਰ। 2. ਸਬਾਲਟਨ ਆਵਾਜ਼ਾਂ ਦਾ ਉਭਾਰ ਅਤੇ 3 ਮੱਧਸ਼੍ਰੇਣੀ ਦੇ ਮਸਲਿਆਂ/ ਤੌਖਲਿਆਂ ਅਤੇ ਸਮਝ ਦਾ ਉਭਾਰ। ਉਨ੍ਹਾਂ ਨੇ ਪੰਜਾਬੀ ਕਵਿਤਾ ਕਹਾਣੀ ਤੇ ਨਾਵਲ ਦੇ ਹਵਾਲੇ ਨਾਲ ਇਨ੍ਹਾਂ ਵਿਿਸ਼ਆਂ ਦੇ ਉਭਾਰ ਨੂੰ ਸਾਹਮਣੇ ਲਿਆਂਦਾ। ਗੋਸ਼ਟੀ ਦਾ ਦੂਸਰਾ ਸੈਸ਼ਨ ਪੰਜਾਬੀ ਕਹਾਣੀ ਅਤੇ ਨਾਟਕ ਨਾਲ ਸਬੰਧਤ ਸੀ। ਗੋਸ਼ਟੀ ਦੇ ਇਸ ਸੈਸ਼ਨ ਵਿਚ ਦੋ ਪੇਪਰ ਪੜ੍ਹੇ ਗਏ ਪਹਿਲਾ ਪੇਪਰ ਡਾ. ਰਮਿੰਦਰ ਕੌਰ, ਸਾਬਕਾ ਮੁਖੀ ਅਤੇ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ‘ਥੈਂਕ ਯੂ ਬਾਪੂ' ਕਹਾਣੀ ਸੰਗ੍ਰਹਿ ਉੱਪਰ ਸੀ। ਦੂਸਰਾ ਪੇਪਰ ਡਾ. ਰੁਪਿੰਦਰ ਢਿੱਲੋਂ ਦਾ ‘ਕਤਰਾ ਕਤਰਾ ਜ਼ਿੰਦਗੀ ਨਾਟਕ ਬਾਰੇ ਸੀ। ਗੋਸ਼ਟੀ ਦਾ ਖਾਸ ਮਹੱਤਵ ਇਹ ਸੀ ਕਿ ਹਰ ਪੇਪਰ ਤੋਂ ਬਾਅਦ ਹਾਜ਼ਰ ਵਿਦਵਾਨਾਂ ਵੱਲੋਂ ਪੇਪਰ ਦੇ ਹਨ ਨੁਕਤੇ ਤੇ ਭਰਵੀਂ ਬਹਿਸ ਕੀਤੀ ਗਈ। ਦੂਜੇ ਦਿਨ ਗੋਸ਼ਟੀ 'ਚ ‘ਮਿੱਟੀ ਬੋਲ ਪਈ’ ਨਾਵਲ ਤੇ ਡਾ. ਮਹਿਲ ਸਿੰਘ ਜੀ ਨੇ ਪੇਪਰ ਪੜਿਆ ਅਤੇ ‘ਚਿਤਵਣੀ’ ਕਾਵਿ ਪੁਸਤਕ ਤੇ ਡਾ. ਆਤਮ ਸਿੰਘ ਰੰਧਾਵਾ ਨੇ ਪੇਪਰ ਪੜਿਆ।