ਮੌਂਟੇਕ ਸਿੰਘ ਆਹਲੂਵਾਲੀਆ ਦੀ ਸਵੈ-ਜੀਵਨੀ ਦਾ ਪੰਜਾਬੀ ਸੰਸਕਰਣ ਭੇਂਟ ਕੀਤਾ।
ਅੰਮ੍ਰਿਤਸਰ, 15 ਜਨਵਰੀ 2020: ਉੱਘੇ ਅਰਥ-ਸ਼ਾਸਤਰੀ ਡਾ. ਮੌੰਂਟੇਕ ਸਿੰਘ ਆਹਲੂਵਾਲੀਆ ਦੀ ਸਵੈ-ਜੀਵਨੀ ਦੇ ਪੰਜਾਬੀ ਸੰਸਕਰਣ ਦੀ ਪ੍ਰਕਾਸ਼ਨਾ ਦਾ ਸੁਆਗਤ ਕਰਨ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਮੌਕੇ ਪੁਸਤਕ ਦੇ ਅਨੁਵਾਦਕ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਦੀਪ ਜਗਦੀਪ ਸਿੰਘ ਨੇ ਪੁਸਤਕ ਦੀ ਪਹਿਲੀ ਕਾਪੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਕਿਤਾਬ ਨੂੰ ਭੇਂਟ ਕੀਤੀ। ਇਸ ਮਹੱਤਵਪੂਰਨ ਪੁਸਤਕ ਦੀ ਪ੍ਰਕਾਸ਼ਨਾ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਨੁਵਾਦ ਦੋ ਭਾਸ਼ਾਵਾਂ ਜੋੜਨ ਵਾਲੇ ਪੁਲ ਦਾ ਕਾਰਜ ਕਰਦਾ ਹੈ, ਜੋ ਇਕ ਭਾਸ਼ਾ ਦੇ ਗਿਆਨ ਨੂੰ ਦੂਜੀ ਭਾਸ਼ਾ ਦੇ ਪਾਠਕਾਂ ਤੱਕ ਪਹੁੰਚਾ ਕੇ ਗਿਆਨ ਦੇ ਆਦਾਨ-ਪ੍ਰਦਾਨ ਦਾ ਘੇਰਾ ਮੋਕਲਾ ਕਰਦਾ ਹੈ।ਆਪਣੀ ਮਾਂ-ਬੋਲੀ ਪੰਜਾਬੀ ਵਿਚ ਸੰਸਾਰ ਭਰ ਦੇ ਗਿਆਨ ਦੇ ਸਰੋਤ ਪ੍ਰਫੁੱਲਿਤ ਕਰਨੇ ਖ਼ਾਲਸਾ ਕਾਲਜ ਦੀ ਪਰੰਪਰਾ ਰਹੀ ਹੈ ਅਤੇ ਇਹ ਪੁਸਤਕ ਉਸੇ ਲੜੀ ਨੂੰ ਅੱਗੇ ਤੋਰਦੀ ਹੈ।ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਨੂੰ ਖੋਜ ਤੇ ਸਿਰਜਣਾਤਮਕ ਕਾਰਜਾਂ ਵਾਸਤੇ ਮਾਹੌਲ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਅਕਾਦਮਿਕ ਤੇ ਸਮਾਜਿਕ ਖੇਤਰਾਂ ਵਿਚ ਆਪਣਾ ਬਣਦਾ ਯੋਗਦਾਨ ਦੇ ਸਕਣ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਆਪਣਾ ਗਿਆਨ ਦਾ ਸਾਗਰ ਬਹੁਤ ਵਿਸ਼ਾਲ ਹੈ ਤੇ ਇਹ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਗਿਆਨ ਨੂੰ ਆਪਣੇ ਅੰਦਰ ਸਮਾਉਣ ਦੀ ਸਮਰੱਥਾ ਰੱਖਦਾ ਹੈ। ਇਸੇ ਕਰਕੇ ਨਾ ਸਿਰਫ਼ ਪੰਜਾਬ ਦਾ ਖਿੱਤਾ ਬਹੁ-ਭਾਸ਼ਾਈ ਰਿਹਾ ਹੈ ਬਲਕਿ ਇਸ ਨੇ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਸਾਹਿਤ ਤੇ ਗਿਆਨ ਨੂੰ ਵੀ ਆਪਣੇ ਵਿਸ਼ਾਲ ਘੇਰੇ ਵਿਚ ਸਮੋਇਆ ਹੈ। ਇਸ ਪੁਸਤਕ ਦਾ ਅਨੁਵਾਦ ਇਸ ਵਿਸ਼ਾਲ ਘੇਰੇ ਵਿਚ ਇਕ ਹੋਰ ਵੱਡਮੁੱਲਾ ਯੋਗਦਾਨ ਹੈ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਤੇ ਵਿਦਿਆਰਥੀਆਂ ਲਈ ਗਿਆਨ ਦੇ ਨਾਲ-ਨਾਲ ਪ੍ਰੇਰਨਾ ਦਾ ਵੀ ਸਰੋਤ ਬਣੇਗੀ। ਮੌਜੂਦਾ ਮਾਹੌਲ ਵਿਚ ਇਸ ਦੀ ਪ੍ਰਸੰਗਿਕਤਾ ਹੋਰ ਵੀ ਵਧ ਜਾਂਦੀ ਹੈ।
ਪੁਸਤਕ ਦੇ ਅਨੁਵਾਦਕ ਪ੍ਰੋ. ਦੀਪ ਜਗਦੀਪ ਸਿੰਘ ਨੇ ਪ੍ਰਾਪਤ ਹੋਈ ਹੱਲਾਸ਼ੇਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਦਾ ਸਿਰਜਣਾਤਮਕ ਤੇ ਉਤਸ਼ਾਹੀ ਮਾਹੌਲ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਇਹ ਕਾਰਜ ਸੰਭਵ ਹੋ ਸਕਿਆ ਇਹ ਹੈ। ਇਹ ਪੁਸਤਕ ਅਰਥ-ਸ਼ਾਸਤਰ, ਸੰਸਮਰਣ ਤੇ ਬਿਰਤਾਂਤਕਾਰੀ ਦਾ ਅਨੂਠਾ ਸੁਮੇਲ ਹੈ, ਜੋ ਡਾ. ਮੌਂਟੇਕ ਸਿੰਘ ਆਹਲੂਵਾਲੀਆ ਦੇ ਪ੍ਰੇਰਨਾਮਈ ਜੀਵਨ ਰਾਹੀਂ ਪਾਠਕਾਂ ਨੂੰ ਪ੍ਰੇਰਨਾ ਦੇਣ ਦੇ ਨਾਲ-ਨਾਲ ਦੇਸ਼ ਦੇ ਅਰਥਚਾਰੇ ਤੇ ਸਮਾਜ ’ਤੇ ਇਸ ਦੇ ਪ੍ਰਭਾਵ ਬਾਰੇ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੰਦੀ ਹੈ। ਇਸ ਲਈ ਇਹ ਹਰ ਪਾਠਕ ਤੇ ਵਿਦਿਆਰਥੀ ਲਈ ਸਾਂਭਣਯੋਗ ਮੁੱਲਵਾਨ ਪੁਸਤਕ ਹੋ ਨਿਬੜਦੀ ਹੈ। ਇਸ ਪੁਸਤਕ ਦਾ ਅਨੁਵਾਦ ਕਰਨ ਦਾ ਮੌਕਾ ਦੇਣ ਲਈ ਉਨ੍ਹਾਂ ਡਾ. ਮੌਂਟੇਕ ਸਿੰਘ ਆਹਲੂਵਾਲੀਆ ਤੇ ਪੁਸਤਕ ਦੇ ਪ੍ਰਕਾਸ਼ਕ ਲਾਹੌਰ ਬੁੱਕਸ, ਲੁਧਿਆਣਾ ਦੇ ਸੰਚਾਲਕ ਸ. ਤੇਜਿੰਦਰਬੀਰ ਸਿੰਘ ਤੇ ਸ. ਗੁਰਮੰਨਤ ਸਿੰਘ ਦਾ ਧੰਨਵਾਦ ਕੀਤਾ।