• icon0183-5015511, 2258097, 5014411
  • iconkhalsacollegeamritsar@yahoo.com
  • IQAC

Department

RubRu with Jagron newspaper Editor S. Varinder Singh Walia


ਲੋਕਤੰਤਰ ਦੇ ਚੌਥੇ ਥੰਮ ਨੂੰ ਲੱਗਿਆ ਘੁਣ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ: ਵਰਿੰਦਰ ਸਿੰਘ ਵਾਲੀਆ
ਅੰਮ੍ਰਿਤਸਰ 18 ਅਕਤੂਬਰ: ਸਾਨੂੰ ਸਾਡੇ ਤੋਂ ਪਿਛਲੀ ਪੀੜ੍ਹੀ ਦੇ ਪੱਤਰਕਾਰ ਨਿਰਮਲ ਜਲ ਵਰਗੀ ਪੱਤਰਕਾਰੀ ਦੇ ਕੇ ਗਏ ਸਨ, ਪਰ ਸਮੇਂ ਦੇ ਨਾਲ ਜੋ ਲੋਕਤੰਤਰ ਦੇ ਇਸ ਥੰਮ ਨੂੰ ਘੁਣ ਲੱਗਿਆ ਹੈ, ਉਸ ਨੂੰ ਖ਼ਤਮ ਕਰਕੇ ਇਸ ਥੰਮ੍ਹ ਦੀ ਮਜ਼ਬੂਤੀ ਯਕੀਨੀ ਬਣਾਉਣਾ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ, ਇਹ ਸ਼ਬਦ ਰੋਜ਼ਾਨਾ ਪੰਜਾਬੀ ਜਾਗਰਣ ਅਖ਼ਬਾਰ ਦੇ ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ ਨੇ ਅੱਜ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਿਚ ਪੱਤਰਕਾਰੀ ਵਿਚ ਬੀਏ ਅਤੇ ਐਮਏ ਦੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਦਿੰਦੇ ਹੋਏ ਆਖੇ।
ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਸ. ਵਾਲੀਆ ਨਾਲ ਵਿਦਿਆਰਥੀਆਂ ਦਾ ਵਿਸ਼ੇਸ਼ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਰੂਪ ਵਿਚ ਪਹੁੰਚੇ।ਸਮਾਗਮ ਦੀ ਸ਼ੁਰੂਆਤ ਕਰਦਿਆਂ ਵਿਭਾਗ ਦੇ ਇੰਚਾਰਜ ਮੈਡਮ ਅਮਨਜਯੋਤੀ ਕੌਰ ਨੇ ਸ. ਵਾਲੀਆ ਦੇ ਪੱਤਕਾਰੀ, ਲੇਖਨ ਅਤੇ ਅਧਿਆਪਨ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਸ. ਵਾਲੀਆ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਪਰਵਾਨ ਕਰਨ ਵਿਚ ਕੋਈ ਗੁਰੇਜ਼ ਨਹੀਂ ਕਿ ਬਦਲੇ ਦੌਰ ਵਿਚ ਪੱਤਰਕਾਰੀ ਨੂੰ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਉਸ ਨਿਰਮਲ ਰੂਪ ਵਿਚ ਅੱਗੇ ਨਹੀਂ ਸੌਂਪ ਸਕੇ ਸਾਨੂੰ ਜਿਵੇਂ ਉਨ੍ਹਾਂ ਨੂੰ ਆਪਣੀਆਂ ਪਿਛਲੀਆਂ ਪੀੜ੍ਹੀਆਂ ਤੋਂ ਮਿਲਿਆ ਸੀ। ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਖ਼ਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਵਰਗੇ ਅਦਾਰਿਆਂ ਤੋਂ ਸਿੱਖਿਆ ਲੈ ਕੇ ਵਿਦਿਆਰਥੀ ਇਸ ਚੁਣੌਤੀ ਦਾ ਸਾਹਮਣਾ ਕਰ ਸਕਣਗੇ। ਉਨ੍ਹਾਂ ਵਿਭਾਗ ਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਦਾ ਭਵਿੱਖ ਤੁਹਾਡੇ ਹੱਥ ਹੈ, ਜੋ ਕਿ ਇਕ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਪੱਤਰਕਾਰੀ ਦੀ ਸਿੱਖਿਆ ਤਾਂ ਹੀ ਬਿਹਤਰ ਹੋ ਸਕਦੀ ਹੈ ਜੇ ਪੱਤਰਕਾਰੀ ਖੇਤਰ ਵਿਚ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲੇ ਪੱੱਤਰਕਾਰ ਅਧਿਆਪਨ ਵਿਚ ਆਉਣ ਕਿਉਂਕਿ ਇਹ ਜ਼ਮਾਨਾ ਵਿਹਾਰਕ ਸਿੱਖਿਆ ਦਾ ਜ਼ਮਾਨਾ ਹੈ। ਇਕ ਹੰਢਿਆ ਹੋਇਆ ਪੱਤਰਕਾਰ ਪੱਤਰਕਾਰੀ ਦੇ ਸਿਧਾਂਤ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਿਹਾਰਕ ਪੱਤਰਕਾਰੀ ਦੇ ਗੁਰ ਸਿਖਾ ਸਕਦਾ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਚ ਆਪਣੇ ਅਧਿਆਪਨ ਦੇ ਸਫ਼ਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਫ਼ੀਲਡ ਵਿਚ ਪੱਤਰਕਾਰੀ ਕਰਨ ਤੋਂ ਬਾਅਦ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਤਜ਼ਰਬਾ ਬਹੁਤ ਯਾਦਗਾਰ ਰਿਹਾ। ਅੱਜ ਵੀ ਜਦੋਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਵਿਸ਼ੇਸ਼ ਲੈਕਚਰ ਲਾਉਣ ਜਾਂਦੇ ਹਨ।
ਇਸ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਤਰੁਣਪ੍ਰੀਤ ਸਿੰਘ, ਅਵੀਸ਼ ਧਵਨ, ਖ਼ੁਸ਼ਪ੍ਰੀਤ ਕੌਰ ਅਤੇ ਨਮਨਪ੍ਰੀਤ ਸਿੰਘ ਨੇ ਪੱਤਰਕਾਰੀ, ਰੁਜ਼ਗਾਰ, ਪੰਜਾਬ ਸੰਕਟ, ਖੇਤੀ ਸੰਕਟ ਅਤੇ ਸ. ਵਾਲੀਆ ਦੇ ਜੀਵਨ ਸੰਘਰਸ਼ ਅਤੇ ਪ੍ਰੇਰਨਾਵਾਂ ਬਾਰੇ ਗੰਭੀਰ ਸਵਾਲ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਪੂਰੇ ਵਿਸਤਾਰ ਨਾਲ ਜਵਾਬ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਭਾਸ਼ਾ ਤੋਂ ਘਬਰਾਉਣ ਨਾ, ਬਲਕਿ ਆਪਣੀ ਮਾਂ-ਬੋਲੀ ਵਿਚ ਪਕੜ ਬਣਾਉਣ ਅਤੇ ਫਿਰ ਉਹ ਦੁਨੀਆਂ ਦੀ ਕੋਈ ਭਾਸ਼ਾ ਵੀ ਸਿੱਖ ਸਕਦੇ ਹਨ। ਉਨ੍ਹਾਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਰੀ ਪੜ੍ਹਾਈ ਪੰਜਾਬੀ ਵਿਚ ਕੀਤੀ ਬਾਵਜੂਦ ਇਸ ਦੇ ਉਨ੍ਹਾਂ ਅੰਗਰੇਜ਼ੀ ਸਿੱਖ ਕੇ ਲੰਮਾ ਸਮਾਂ ਅੰਗੇਰਜ਼ੀ ਪੱਤਰਕਾਰੀ ਕੀਤੀ। ਉਨ੍ਹਾਂ ਵਿਭਾਗ ਦੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਉਤਸ਼ਾਹਤ ਕਰਨ ਲਈ ਅਦਾਰਾ ਪੰਜਾਬੀ ਜਾਗਰਣ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਲਗਾਤਾਰ ਲਿਖਦੇ ਰਹਿਣ ਲਈ ਵੀ ਪ੍ਰੇਰਿਤ ਕੀਤੀ।
ਸਮਾਰੋਹ ਦੇ ਅੰਤ ਵਿਚ ਵਿਭਾਗ ਵੱਲੋਂ ਸ. ਵਾਲੀਆ ਨੂੰ ਕਿਤਾਬਾਂ ਦਾ ਇਕ ਸੈੱਟ ਭੇਂਟ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਦੀਪ ਜਗਦੀਪ ਸਿੰਘ ਨੇ ਕੀਤਾ। ਵਿਭਾਗ ਦੇ ਅਧਿਆਪਕਾਂ ਵਰਿੰਦਰ ਸਿੰਘ, ਅਮਿਤ ਕੁਮਾਰ, ਮੈਡਮ ਹਰਮਨਦੀਪ ਕੌਰ, ਮੈਡਮ ਮੁਸਕਾਨ ਧਵਨ ਅਤੇ ਮੈਡਮ ਨੀਰਵਾ ਸਫੜੀਆ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।