ਪਰਵਾਸ ਕਰਕੇ ਪੰਜਾਬ ਦੇ ਕਈ ਵਸੀਲਿਆਂ ’ਤੇ ਹੂੰਝਾ ਫਿਰ ਰਿਹਾ ਹੈ।ਇਸ ਨਾਲ ਪੰਜਾਬ ਦੀ ਆਰਥਿਕਤਾ ਤੇ ਮਨੁੱਖੀ ਵਸੀਲੇ ਨੌਜਵਾਨ ਸ਼ਕਤੀ ਵੀ ਪਰਵਾਸ ਕਰ ਰਹੀ ਹੈ। ਇਹ ਵਿਚਾਰ ਉੱਘੇ ਅਰਥ-ਸ਼ਾਸਤਰੀ, ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਡਾ. ਗਿਆਨ ਸਿੰਘ ਨੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2022 ਦੇ ਤੀਸਰਾ ਦਿਨ ਦਿੱਤੇ ਆਪਣੇ ਕੂੰਜੀਵਤ ਭਾਸ਼ਨ ਦੌਰਾਨ ਪ੍ਰਗਟ ਕੀਤੇ। ਉਹ ਸਾਹਿਤ ਉਤਸਵ ਦੀ ਲੜੀ ਤਹਿਤ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਦੀ ਮਦਦ ਨਾਲ ‘ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ’ ਵਿਸ਼ੇ ’ਤੇ ਕਰਵਾਏ ਜਾ ਰਹੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ।ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਐੱਸ. ਪੀ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ। ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਪਹੁੰਚੇ।
ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪਰਵਾਸ ਨਾਲ ਪੰਜਾਬੀਆਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਪਰ ਇੱਕਵੀਂ ਸਦੀ ਵਿਚ ਪਰਵਾਸ ਨੇ ਪੰਜਾਬ ਵਿਚ ਜੋ ਸ਼ਕਲ ਅਖਤਿਆਰ ਕੀਤੀ ਹੈ ਇਹ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸੈਮੀਨਾਰ ਭਵਿੱਖ ਦੇ ਤਲਾਸ਼ ਨਾਲ ਵੀ ਜੁੜਿਆ ਹੋਇਆ ਹੈ ਤੇ ਅੱਜ ਦੇ ਮਾਹੌਲ ਦੀ ਅਸਥਿਰਤਾ ਦੀਆਂ ਪਰਤਾਂ ਨੂੰ ਸਮਝਣ ਦਾ ਯਤਨ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾ ਕੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਹੈ। ਜੋ ਬੈਂਡਾਂ ’ਤੇ ਆਧਾਰਿਤ ਰਿਸ਼ਤੇ ਹੋ ਰਹੇ ਹਨ, ਉਸ ਨੇ ਨਵੀਆਂ ਕਿਸਮਾਂ ਦੀਆਂ ਕਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਸਾਹਿਤਕ ਕਿਰਤਾਂ ਦੇ ਹਵਾਲੇ ਨਾਲ ਪਰਵਾਸ ਕਰਕੇ ਪੈਦਾ ਹੋਈ ਸਥਾਨਕ ਤੇ ਡਾਇਸਪੋਰਾ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕੀਤੀ। ਖ਼ਾਲਸਾ ਕਾਲਜ ਨੇ ਆਪਣੇ ਵਿਹੜੇ ਵਿਚ ਵਿਦਵਾਨਾਂ ਨੂੰ ਇਸ ਸੈਮੀਨਾਰ ਦੇ ਬਹਾਨੇ ਸੱਦ ਕੇ ਪੰਜਾਬ ਦੇ ਭਵਿੱਖ ਬਾਰੇ ਸੋਚਣ ਵਿਚਾਰਨ ਦਾ ਮੌਕਾ ਦਿੱਤਾ ਹੈ। ਡਾ. ਗਿਆਨ ਸਿੰਘ ਨੇ ਮੌਜੂਦਾ ਰੂਸ-ਯੂਕ੍ਰੇਨ ਸੰਕਟ ਦੇ ਹਵਾਲੇ ਨਾਲ ਪੈਦਾ ਹੋਏ ਮਸਲਿਆਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਇਸ ਪਰਵਾਸ ਦਾ ਕਾਰਨ ਆਪਣੇ ਦੇਸ਼ ਵੱਲੋਂ ਅਪਣਾਏ ਗਏ ਆਰਥਿਕ ਮਾਡਲ ਨੂੰ ਦੱਸਿਆ। ਉੱਘੇ ਪੰਜਾਬੀ ਚਿੰਤਕ ਡਾ. ਅਮਰਜੀਤ ਗਰੇਵਾਲ ਨੇ ਕਿਹਾ ਕਿ ਮੌਜੂਦਾ ਮਾਹੌਲ ਨਾ ਸਿਰਫ਼ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਰਿਹਾ ਹੈ ਬਲਕਿ ਬੇਕਾਰ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੂੰ ਤਾਂ ਕਦੇ ਨਾ ਕਦੇ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ, ਪਰ ਬੇਕਾਰ ਕੋਈ ਕੰਮ ਕਰਨ ਦੇ ਕਾਬਲ ਨਹੀਂ ਹੁੰਦਾ। ਉਨ੍ਹਾਂ ਨੇ ਇਸ ਬੇਕਾਰੀ ਲਈ ਮੌਜੂਦਾ ਸਿੱਖਿਆ ਢਾਂਚੇ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਗਿਆਨ ਪੈਦਾ ਕਰਨ ਵਾਲੇ ਤੇ ਇਸ ਦਾ ਵਿਸਤਾਰ ਕਰਨ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਰਥਕ ਤੌਰ ’ਤੇ ਪੈਰਾਂ ਸਿਰ ਖੜ੍ਹਾ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਵਾਸਤੇ ਸਿੱਖਿਆ ਦੇ ਦੌਰਾਨ ਹੀ ਆਮਦਨ ਦਾ ਰਾਹ ਖੋਲ੍ਹਣ ਦੀ ਲੋੜ ਹੈ।ਗਿਆਨ ਹੀ ਉਨ੍ਹਾਂ ਦੀ ਆਮਦਨ ਦਾ ਸਾਧਨ ਬਣੇ।ਇਸ ਨੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੌਰਾਨ ਜੋ ਵੀ ਸਿੱਖ ਰਹੇ ਹਨ ਉਸ ਰਾਹੀਂ ਗਿਆਨ ਆਧਾਰਤ ਸਿਰਜਣਾ ਵੀ ਨਾਲ ਦੀ ਨਾਲ ਕਰਨ।
ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਰਵੀ ਰਵਿੰਦਰ, ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦਿੱਲੀ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਮਿੰਦਰ ਕੌਰ ਪਹੁੰਚੇ। ਇਸ ਸੈਸ਼ਨ ਵਿਚ ਯੁਵਾ ਪੰਜਾਬੀ ਪਰਵਾਸ ਦਾ ਪੰਜਾਬੀ ਸਮਾਜ ਅਤੇ ਸਭਿਆਚਾਰ ’ਤੇ ਪ੍ਰਭਾਵ ਵਿਸ਼ੇ ’ਤੇ ਆਪਣਾ ਪੇਪਰ ਪੜ੍ਹਦਿਆਂ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਪਰਵਾਸ ਨੇ ਜਿੱਥੇ ਮੌਜੂਦਾ ਪੰਜਾਬ ਦੇ ਸਮਾਜ ਤੇ ਸਭਿਆਚਾਰ ਵਿਚ ਬੁਨਿਆਦੀਆਂ ਤਬਦੀਲੀਆਂ ਲਿਆਉਂਦੀਆਂ ਹਨ, ਉੱਥੇ ਹੀ ਵਿਦੇਸ਼ਾਂ ਵਿਚ ਗਈ ਨਵੀਂ ਪੰਜਾਬੀ ਪੀੜ੍ਹੀ ਨਵੀਂ ਕਿਸਮ ਦਾ ਪੰਜਾਬੀ ਸਭਿਆਚਾਰ ਪੈਦਾ ਕਰ ਰਹੇ ਹਨ। ਬ੍ਰਹਿਮੰਡਲੀਕਰਨ: ਅਜਨਬੀਆਂ ਦੀ ਦੁਨੀਆਂ ਵਿਚ ਰਹਿਣ ਦੇ ਢੰਗ ਤਰੀਕੇ ਵਿਸ਼ੇ ਬਾਰੇ ਬੋਲਦਿਆਂ ਡਾ. ਬਲਜਿੰਦਰ ਨਸਰਾਲੀ ਨੇ ਕਿਹਾ ਕਿ ਅੱਜ ਨੌਜਵਾਨ ਬਹੁਤ ਛੋਟੀ ਉਮਰ ਵਿਚ ਬੇਗਾਨੀ ਧਰਤੀ ’ਤੇ ਜਾ ਰਹੇ ਹਨ, ਜਿੱਥੇ ਉਹ ਇਕ ਅਜਨਬੀ ਦੁਨੀਆ ਦਾ ਸਾਹਮਣਾ ਕਰਦੇ ਹਨ। ਉੱਥੇ ਜਾ ਕੇ ਉਨ੍ਹਾਂ ਨੂੰ ਨਵੀਂ ਕਿਸਮ ਦੇ ਟਕਰਾਵਾ ਨਾਲ ਜੂਝਨਾ ਪੈਂਦਾ ਹੈ, ਜਿਸ ਨਾਲ ਸਭਿਆਚਾਰ ਤੇ ਸਮਾਜਿਕ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਇਹ ਹਾਲਤ ਨੌਜਵਾਨ ਪ੍ਰਵਾਸੀਆਂ ਦੀ ਮਾਨਸਿਕ ਸਿਤਹ ’ਤੇ ਵੀ ਡੂੰਘਾ ਪ੍ਰਭਾਵ ਪਾ ਰਹੀ ਹੈ।ਪ੍ਰੋ. ਰਵਿੰਦਰ ਕੌਰ ਨੇ ਪਰਵਾਸ ਦਾ ਇਤਿਹਾਸਕ ਪ੍ਰਕਰਣ ਅਤ ਉੱਤਰ ਆਧੁਨਿਕ ਸੰਦਰਭ: ਦਸ਼ਾ ਤੇ ਦਿਸ਼ਾ ਵਿਸ਼ੇ ’ਤੇ ਬੋਲਦਿਆਂ ਕਿਹਾ ਪੰਜਾਬੀ ਦੇ ਪਰਵਾਸ ਦੇ ਇਤਿਹਾਸ ਦੀ ਪੈੜ ਨੱਪਦਿਆਂ ਮੌਜੂਦਾ ਸਮੇਂ ਵਿਚ ਪਰਵਾਸ ਦੀ ਦਸ਼ਾ ਤੇ ਦਿਸ਼ਾ ਦੇ ਵੱਖ-ਵੱਖ ਪੱਖਾਂ ਨੂੰ ਉਭਾਰਿਆ।ਡਾ. ਸਰਬਜੀਤ ਮਾਨ ਨੇ ਪਰਵਾਸੀ ਸਾਹਿਤ ਦਾ ਕਾਵਿ-ਸ਼ਾਸਤਰ ਵਿਸ਼ੇ ’ਤੇ ਬੋਲਦਿਆਂ ਪ੍ਰਵਾਸ ਵਿਚ ਲਿਖੇ ਜਾ ਰਹੇ ਵੱਖ-ਵੱਖ ਵਿਧਾਵਾਂ ਦੇ ਸਾਹਿਤ, ਪ੍ਰਮੁੱਖ ਸਾਹਿਤਕ ਰਚਨਾਵਾਂ ਤੇ ਸਾਹਿਤਕਾਰਾਂ ਦੀ ਗੱਲ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਪ੍ਰਵਾਸੀਆਂ ਵੱਲੋਂ ਲਿਖੇ ਜਾ ਰਹੇ ਸਾਹਿਤ ਵਿਚ ਵਿਦੇਸ਼ਾਂ ਵਿਚ ਰਹੇ ਪੰਜਾਬੀ ਸਮਾਜ ਤੇ ਸਭਿਆਚਾਰ ਦੇ ਵੱਖ-ਵੱਖ ਚਿੰਨ੍ਹਾਂ ਦੀ ਚਰਚਾ ਕੀਤੀ।
ਸੈਮੀਨਾਰ ਬਾਰੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਰਵਿੰਦਰ ਰਵੀ ਨੇ ਕਿਹਾ ਕਿ ਸਾਰੇ ਹੀ ਵਿਦਵਾਨਾਂ ਨੇ ਪੰਜਾਬੀ ਯੁਵਾ ਪਰਵਾਸ ਦੀਆਂ ਵੱਖ-ਵੱਖ ਤੰਦਾਂ ਨੂੰ ਬਹੁਤ ਬਾਰੀਕੀ ਨਾਲ ਫੜਿਆ ਹੈ। ਸਾਰੇ ਹੀ ਪੇਪਰਾਂ ਵਿਚ ਪਰਵਾਸ ਦੀਆਂ ਅਣਗਿਣਤ ਪਰਤਾਂ ਖੁੱਲ੍ਹੀਆਂ ਹਨ। ਉਨ੍ਹਾਂ ਕਿਹਾ ਕਿ ਪਰਵਾਸ ਬਹੁਤ ਪਰਤੀ ਤੇ ਗੁੰਝਲਦਾਰ ਵਰਤਾਰਾ ਹੈ, ਇਸ ਨੂੰ ਸਮਝਣ ਲਈ ਇਸ ਬਾਰੇ ਲਗਾਤਾਰ ਖੋਜ ਕਰਨ ਦੀ ਲੋੜ ਹੈ।ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਨੇ ਪਰਵਾਸ ਬਾਰੇ ਖੋਜ ਦੀ ਇਕ ਨਵੀਂ ਲੜੀ ਤੋਰੀ ਹੈ, ਜਿਸ ਨੂੰ ਲਗਾਤਾਰ ਅੱਗੇ ਵਧਾਉਣ ਲਈ ਪੰਜਾਬੀ ਵਿਦਵਾਨਾਂ ਤੇ ਖੋਜਾਰਥੀਆਂ ਨੂੰ ਨਿੱਠ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜੋ ਸੰਵਾਦ ਸ਼ੁਰੂ ਹੋਇਆ ਹੈ ਉਹ ਇਸ ਵਿਸ਼ੇ ਲਈ ਬਹੁਤ ਸਾਰੇ ਹਾਂ-ਪੱਖੀ ਨਤੀਜੇ ਲਿਆਵੇਗਾ। ਸੈਮੀਨਾਰ ਤੋਂ ਬਾਅਦ ਹੋਣੇ ਸਭਿਆਚਾਰਕ ਸਮਾਗਮਾਂ ਦੀ ਲੜੀ ਵਿਚ ਕਾਲਜ ਦੇ ਯੁਵਕ ਭਲਾਈ ਤੇ ਸਭਿਆਚਾਰਕ ਸਰਗਰਮੀਆਂ ਵਿਭਾਗ ਵੱਲੋਂ ਲੋਕ ਨਾਚ ਗਿੱਧੇ ਤੇ ਲੋਕ ਗਾਇਕੀ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿਚ ਵਿਦਿਆਰਥੀ ਕਲਾਕਾਰਾਂ ਨੇ ਲੋਕ ਨਾਚ ਤੇ ਲੋਕ ਗਾਇਕੀਆਂ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ।
ਅੰਮ੍ਰਿਤਸਰ ਸਾਹਿਤ ਉਤਸਵ ਦੇ ਆਯੋਜਨ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਦੱਸਿਆ ਕਿ ਉਤਸਵ ਦੇ ਚੌਥੇ ਦਿਨ 8 ਮਾਰਚ ਮੰਗਲਵਾਰ ਨੂੰ ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ ਦਾ ਦੂਸਰਾ ਦਿਨ ਹੋਵੇਗਾ। ਸਵੇਰੇ 10 ਵਜੇ ਇਸ ਦਾ ਦੂਸਰਾ ਅਕਾਦਮਿਕ ਸੈਸ਼ਨ ਸ਼ੁਰੂ ਹੋਵੇਗਾ ਜਿਸ ਵਿਚ ਮਹਿਮਾਨ ਪੰਜਾਬ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਯੋਗਰਾਜ ਸਿੰਘ ਹੋਣਗੇ, ਜਦ ਕਿ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਕਰਨਗੇ।ਡਾ. ਜਗਦੀਪ ਸਿੰਘ, ਡਾ. ਹਰਿੰਦਰ ਕੌਰ ਸੋਹਲ, ਡਾ. ਪਰਵੀਨ ਕੁਮਾਰ ਤੇ ਡਾ. ਜਸਪ੍ਰੀਤ ਕੌਰ ਪੇਪਰ ਪੜ੍ਹਨਗੇ। ਤੀਜੇ ਅਕਾਦਮਿਕ ਸੈਸ਼ਨ
ਮਹਿਮਾਨ ਡਾ. ਰਜਿੰਦਰਪਾਲ ਸਿੰਘ ਬਰਾੜ ਹੋਣਗੇ। ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਕਰਨਗੇ। ਪੇਪਰ ਡਾ. ਰਜਿੰਦਰ ਸਿੰਘ, ਡਾ. ਗੁਰਬੀਰ ਸਿੰਘ ਬਰਾੜ, ਡਾ. ਤਜਿੰਦਰ ਕੌਰ ਤੇ ਡਾ. ਹਰਜਿੰਦਰ ਸਿੰਘ ਪੜ੍ਹਨਗੇ। ਚੌਥੇ ਅਕਾਦਮਿਕ ਸੈਸ਼ਨ ਦੇ ਮਹਿਮਾਨ ਡਾ. ਗੁਰਮੁਖ ਸਿੰਘ ਹੋਣਗੇ। ਪ੍ਰਧਾਨਗੀ ਡਾ. ਮਨਜਿੰਦਰ ਸਿੰਘ ਕਰਨਗੇ। ਪੇਪਰ ਡਾ. ਨਰੇਸ਼ ਕੁਮਾਰ, ਡਾ. ਮੇਘਾ ਸਲਵਾਨ, ਡਾ. ਪਰਮਜੀਤ ਸਿੰਘ ਕੱਟੂ ਤੇ ਡਾ. ਬਲਜੀਤ ਕੌਰ ਪੜ੍ਹਨਗੇ। ਚੌਥੇ ਦਿਨ ਦਾ ਸਭਿਆਚਾਰਕ ਪ੍ਰੋਗਰਾਮ ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚਾ ਉਤਸਵ ਅੰਮ੍ਰਿਤਸਰ ਸਾਹਿਤ ਉਤਸਵ ਦੇ ਫੇਸਬੁੱਕ ਪੰਨੇ ’ਤੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਹੈ।