ਨੌਜਵਾਨਾਂ ਦਾ ਧਰਤੀ ਨਾਲੋਂ ਮੋਹ ਤੋੜਨ ਵਾਲਾ ਪਰਵਾਸ ਨਿਰਾਸ਼ਾ ’ਚੋਂ ਪੈਦਾ ਹੋ ਰਿਹੈ: ਡਾ. ਸਰਬਜੀਤ
ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ ‘ਯੁਵਾ ਪਰਵਾਸ’ ਦੇ ਮਸਲਿਆਂ ਬਾਰੇ ਗੰਭੀਰ ਚਿੰਤਨ ਨੂੰ ਸਮਰਪਿਤ ਰਿਹਾ।
ਅੰਮ੍ਰਿਤਸਰ (8 ਮਾਰਚ 2022): ਜਿਸ ਕਿਸਮ ਦਾ ਪਰਵਾਸ ਹੋ ਰਿਹਾ ਹੈ ਇਹ ਨਿਰਾਸ਼ਾ ਵਿਚੋਂ ਪੈਦਾ ਹੋ ਰਿਹਾ ਹੈ ਜੋ ਨੌਜਵਾਨਾਂ ਦਾ ਮੋਹ ਹੀ ਆਪਣੀ ਧਰਤੀ ਨਾਲ ਤੋੜ ਰਿਹਾ ਹੈ। ਇਹ ਵਿਚਾਰ ਪੰਜਾਬ ਦੀ ਵਿਰਾਸਤੀ ਵਿਿਦਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਚੌਥੇ ਦਿਨ ਪਰਵਾਸ ਸੰਬੰਧੀ ਸੈਮੀਨਾਰ ਦੌਰਾਨ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸਰਬਜੀਤ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਰਵਾਸ ਦੇ ਕਾਰਨਾਂ ਦੀ ਤਲਾਸ਼ ਪੰਜਾਬੀਆਂ ਨੂੰ ਆਪ ਹੀ ਕਰਨੀ ਪਵੇਗੀ ਕਿਸੇ ਬਾਹਰਲੇ ਨੇ ਨਹੀਂ ਕਰਨੀਆਂ। ਉਨ੍ਹਾਂ ਕਿਹਾ ਕਿ ਜੋ ਖੋਜ-ਪੱਤਰ ਪੇਸ਼ ਹੋਏ ਹਨ ਜੋ ਦੱਸਦੇ ਹਨ ਕਿ ਇਹ ਸੰਕਟ ਬਹੁਤ ਗੰਭੀਰ ਹੋਣ ਵਾਲੇ ਹਨ। ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ ਯੁਵਾ ਪਰਵਾਸ ਦੇ ਮਸਲਿਆਂ ਨੂੰ ਸਮਰਪਿਤ ਰਿਹਾ। ‘ਪੰਜਾਬੀ ਯੁਵਾ ਪਰਵਾਸ ਵਰਤਮਾਨ ਪਰਿਪੇਖ’ ਵਿਸ਼ੇ ਤੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਅੱਜ ਦੂਸਰੇ ਦਿਨ ਤਿੰਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿਚ ਵਿਦਵਾਨਾਂ ਨੇ ਵਿਚਾਰ ਚਰਚਾ ਕੀਤੀ।
ਕਾਲਜ ਦੇ ਸੈਮੀਨਾਰ ਹਾਲ ਵਿਚ ਸ਼ੁਰੂ ਹੋਏ ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋਫੈਸਰ ਡਾ. ਯੋਗਰਾਜ ਸਨ। ਇਸ ਸੈਸ਼ਨ ਵਿਚ ਡਾ. ਜਗਦੀਪ ਸਿੰਘ ਨੇ ਪੰਜਾਬੀ ਨੌਜਵਾਨਾਂ ਦਾ ਕੈਨੇਡਾ ਦੇ ਵਿਚ ਪਰਵਾਸ ਸਮਾਜ ਸਭਿਆਚਾਰਕ ਪਰਿਪੇਖ ਵਿਸ਼ੇ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਪਰਵਾਸ ਦਾ ਮੁੱਖ ਕਾਰਨ ਇੱਥੋਂ ਦੇ ਢਾਂਚੇ ਦਾ ਅਸਫਲ ਹੋਣਾ ਹੈ। ਇਸ ਦੇ ਨਾਲ ਹੀ ਹੁਣ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਦਾ ਆਸਮਾਨ ਐਡਾ ਵਿਸ਼ਾਲ ਹੋ ਚੁੱਕਾ ਹੈ ਕਿ ਆਪਣੀ ਧਰਤੀ ਉਨ੍ਹਾਂ ਦਾ ਸੁਪਨਾ ਹੀ ਨਹੀਂ ਰਹੀ।ਡਾ. ਪਰਵੀਨ ਕੁਮਾਰ ਨੇ ਵਿਸ਼ਵੀਕਰਨ ਤੇ ਪਰਵਾਸ ਸਿਧਾਂਤਕ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਦੇ ਅੰਦਰ ਪਈ ਕੁਦਰਤੀ ਬੌਧਿਕ ਸਮਰੱਥਾ ਨੂੰ ਉਤੇਜਤ ਕਰਨ ਦੀ ਲੋੜ ਹੈ। ਡਾ. ਜਸਪ੍ਰੀਤ ਕੌਰ ਨੇ ਚਿੜੀਆਂ ਦਾ ਚੰਬਾ ਹੋਂਦ ਤੇ ਹੋਣੀ ਵਿਸ਼ੇ ਤੇ ਬੋਲਦਿਆਂ ਕਿਹਾਂ ਕਿ ਪਰਵਾਸ ਨਵੀਂ ਗੱਲ ਨਹੀਂ ਹੈ ਪਰ ਜਿਸ ਰੂਪ ਵਿਚ ਹੁਣ ਹੋ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ਦਾ ਜੋ ਪਰਵਾਸ ਹੋ ਰਿਹਾ ਹੈ ਉਸ ਬਾਰੇ ਜ਼ਿਆਦਾ ਖੋਜ ਨਹੀਂ ਹੋਈ। ਉਨ੍ਹਾਂ ਨੇ ਕੁੜੀਆਂ ਦੇ ਪ੍ਰਵਾਸ ਵਿਚ ਆਈਆਂ ਤਬਦੀਲੀਆਂ ਦੇ ਵੱਖ-ਵੱਖ ਪੱਖ ਪੇਸ਼ ਕੀਤੇ।ਡਾ. ਯੋਗਰਾਜ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਪੰਜਾਬ ਤੋਂ ਪਰਵਾਸ ਵਧਿਆ ਹੈ। ਸਾਨੂੰ ਇਹ ਪਰਿਭਾਸ਼ਤ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਦਾ ਪਰਵਾਸ ਵਧਿਆ ਹੈ। ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਇਸ ਨੇ ਸਾਡਾ ਕੋਈ ਫ਼ਾਇਦਾ ਵੀ ਕੀਤਾ ਹੈ ਕਿ ਨੁਕਸਾਨ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਨੇ ਪੰਜਾਬੀਆਂ ਲਈ ਹੋਂਦ ਦਾ ਸੰਕਟ ਖੜ੍ਹਾ ਕੀਤਾ ਹੈ।ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਿਦਅਕ ਢਾਂਚੇ ਵਿਚ ਇਸ ਪੱਧਰ ਦਾ ਨਿਘਾਰ ਆ ਚੁੱਕਾ ਹੈ ਕਿ ਸਿਰਫ਼ 11 ਫ਼ੀਸਦੀ ਨੌਜਵਾਨ ਬਾਰ੍ਹਵੀਂ ਕਰਦੇ ਹਨ। ਬਾਕੀ 89 ਫ਼ੀਸਦਾ ਦਾ ਭਵਿੱਖ ਕੀ ਹੋਵੇਗਾ ਇਹ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਇਸ ਸਵਾਲ ਦਾ ਹੱਲ ਲੱਭਣ ਵਿਚ ਸਹਾਈ ਹੋਵੇਗਾ। ਕਿਸਾਨ ਅੰਦੋਲਨ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਸ ਦੀ ਕਿਰਨ ਹਾਲੇ ਵੀ ਨਜ਼ਰ ਆ ਰਹੀ ਹੈ।
ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਰਜਿੰਦਰਪਾਲ ਸਿੰਘ ਬਰਾੜ ਸਨ। ਇਸ ਸੈਸ਼ਨ ਵਿਚ ਡਾ. ਰਜਿੰਦਰ ਸਿੰਘ, ਡਾ. ਗੁਰਬੀਰ ਸਿੰਘ ਬਰਾੜ, ਡਾ. ਤਜਿੰਦਰ ਕੌਰ, ਅਤੇ ਡਾ. ਹਰਜਿੰਦਰ ਸਿੰਘ ਨੇ ਪੇਪਰ ਪੇਸ਼ ਕੀਤੇ।
ਬਾਅਦ ਦੁਪਹਿਰ ਸ਼ੁਰੂ ਹੋਏ ਤੀਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੁ ਨਾਨਕ ਦੇਵ ਯੂਨਵਿਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੁਖ ਸਿੰਘ ਸਨ। ਇਸ ਸੈਸਨ ਵਿਚ ਡਾ. ਨਰੇਸ਼ ਕੁਮਾਰ ਨੇ ਯੁਵਾ ਪਰਵਾਸ: ਸਮਕਾਲੀ ਪੰਜਾਬੀ ਕਵਿਤਾ ਦਾ ਪ੍ਰਤਿਉੱਤਰ, ਡਾ. ਮੇਘਾ ਸਲਵਾਨ ਨੇ ਨਾਵਲ ਕਵਣੁ ਦੇਸ ਹੈ ਮੇਰਾ ਦੇ ਹਵਾਲੇ ਪੰਜਾਬੀ ਯੁਵਾ ਪਰਵਾਸ, ਡਾ. ਪਰਮਜੀਤ ਸਿੰਘ ਕੱਟੂ ਨੇ ਯੁਵਾ ਪਰਵਾਸ: ਨਵੀਆਂ ਧਰਤੀਆਂ ਦਾ ਤਲਾਸ਼ ਵਿਿਸ਼ਆਂ ’ਤੇ ਪੇਪਰ ਪੇਸ਼ ਕੀਤੇ। ਸੈਮੀਨਾਰ ਤੋਂ ਬਾਅਦ ਅੰਮ੍ਰਿਤਸਰ ਸਾਹਿਤ ਉਤਸਵ ਦੇ ਮੁੱਖ ਪੰਡਾਲ ਦੇ ਮੰਚ ਤੋਂ ਵਿਿਦਆਰਥੀਆਂ ਦੀ ਭਰਵੀਂ ਹਾਜ਼ਰੀ ਵਿਚ ਨਾਰੀ ਦਿਵਸ ਨੂੰ ਸਮਰਪਿਤ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਮੇਲੇ ਦੇ ਪੰਜਵੇਂ ਦਿਨ ਕੱਲ 9 ਮਾਰਚ ਨੂੰ ਸਵੇਰੇ 10:30 ਤੇ ਡਾ. ਦਵਿੰਦਰ ਸ਼ਰਮਾ ‘ਭਾਰਤ ਦੇ ਅਨਾਜ-ਭੰਡਾਰ ਵਿਚ ਖੇਤੀਬਾੜੀ ਸਥਿਰਤਾ : ਵਾਤਾਵਰਣਿਕ ਦ੍ਰਿਸ਼ਟੀ’ ਵਿਸ਼ੇ ਤੇ ਇਕ ਵਿਸ਼ੇਸ਼ ਭਾਸ਼ਨ ਦੇਣਗੇ। ਦੁਪਹਿਰ 12 ਵਜੇ ‘ਕਾਇਦਾ-ਏ-ਨੂਰ: ਇੱਕੀਵੀਂ ਸਦੀ’ (ਮਾਤ-ਭਾਸ਼ਾਵਾਂ ਨੂੰ ਸਮਰਪਿਤ ਰਿਲੀਜ਼ ਰਸਮ) ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਦੇ ਸੰਯੋਜਕ ਡਾ. ਅਜਾਇਬ ਸਿੰਘ ਚੱਠਾ ਹੋਣਗੇ ਅਤੇ ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰਿੰ. ਬੇਅੰਤ ਕੌਰ ਸ਼ਾਹੀ ਕਰਨਗੇ ਇਸ ਪ੍ਰੋਗਰਾਮ ਵਿਚ ਡਾ. ਸ. ਸ. ਗਿੱਲ (ਸਾਬਕਾ ਵੀ. ਸੀ.), ਅਰਵਿੰਦਰ ਢਿੱਲੋਂ, ਪ੍ਰਿੰ. ਕੰਵਲਜੀਤ ਕੌਰ ਬਾਜਵਾ, ਪ੍ਰਿੰ. ਡਾ. ਰਜਿੰਦਰ ਸਿੰਘ, ਪ੍ਰਿੰ. ਬਲਦੇਵ ਸਿੰਘ, ਅਤੇ ਸਤਿੰਦਰ ਕੌਰ ਕਾਹਲੋ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਸ਼ਾਮ ਸਮੇ ਚੌਂਹ ਕੂੰਟਾਂ ਦਾ ਮੇਲਾ ਪ੍ਰੋਗਰਾਮ ਵਿਚ ਮਾਝੇ ਮਾਲਵੇ ਦੁਆਬੇ ਅਤੇ ਪੁਆਧ ਦੇ ਲੋਕ ਰੰਗ ਦਿਖਾਏ ਜਾਣਗੇ।