ਨਾਟਕ ਬਸੰਤੀ ਚੋਲਾ ਰਾਹੀਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਰਿਹਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਸੱਤਵਾਂ ਦਿਨ ਪੰਜਾਬੀ ਕਹਾਣੀ ਰਾਹੀਂ ਸੁਲਘਦੇ ਸਮਿਆਂ ਦਾ ਬਿਰਤਾਂਤ ਬਾਰੇ ਕੀਤੀ ਚਰਚਾ
ਅੰਮ੍ਰਿਤਸਰ11ਮਾਰਚ। ਅੰਮ੍ਰਿਤਸਰ ਦੇ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਚੱਲ ਰਹੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸਤਵਾਂ ਦਿਨਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਰਿਹਾ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ. ਕੇਵਲ ਧਾਲੀਵਾਲ ਦੇ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਨਾਟਕ ਬਸੰਤੀ ਚੋਲਾ ਰਾਹੀਂ ਨੌਜਵਾਨਾਂ ਪੀੜ੍ਹੀ ਨੂੰ ਭਗਤ ਸਿੰਘ ਦੀ ਸੋਚ ਤੇ ਵਿਚਾਰਾਂ ਨਾਲ ਜਾਣੂੰ ਕਰਵਾਇਆ ਗਿਆ। ਇਹ ਨਾਟਕ ਅੱਜ ਦੇ ਸਮਿਆਂ ਵਿਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਵਿਖੇ ਚੱਲ ਰਹੇ ਸ਼ਹੀਦਾਂ ਦੇ ਮੇਲੇ ਤੋਂ ਸ਼ੁਰੂ ਹੁੰਦਾ ਹੈ। ਇਕ ਬਜ਼ੁਰਗ ਸੂਤਰਧਾਰ ਦੇ ਰੂਪ ਵਿਚ ਨਵੀਂ ਪੀੜ੍ਹੀ ਨੂੰ ਦੇਸ਼ ਦੇ ਅਸਲੀ ਨਾਇਕਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਗਾਥਾ ਸੁਣਾਉਂਦਾ ਹੈ। ਨਾਟਕ ਵਿਚ ਸ਼ਹੀਦਾਂ ਦੇ ਬਚਪਨ ਤੋਂ ਲੈ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਤੱਕ ਦੀ ਗਾਥਾ ਸਜੀਵ ਕਰ ਦਿਖਾਈ ਗਈ। ਇਸ ਦੇ ਰਾਹੀਂ ਸ਼ਹੀਦਾਂ ਦੇ ਸੁਪਨਿਆਂ, ਮੰਗਾਂ ਤੇ ਉਦੇਸ਼ਾਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ। ਭਾਰੇ ਇਕੱਠ ਵਿਚ ਨਾਟਕ ਦੇਖਦਿਆਂ ਦਰਸ਼ਕ ਕਈ ਵਾਰ ਭਾਵੁਕ ਹੋਏ। ਨਾਟਕ ਦੀ ਪੇਸ਼ਕਾਰੀ ਬਾਰੇ ਬੋਲਦਿਆਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਨੇ ਕਿਹਾ ਕਿ ਨਾਟਕ ਬਹੁਤ ਹੀ ਤਾਕਤਵਰ ਮਾਧਿਅਮ ਹੈ ਜੋ ਦਰਸ਼ਕਾਂ ਨੂੰ ਸਿੱਧਾ ਪਾਤਰਾਂ ਨਾਲ ਜੋੜ ਦਿੰਦਾ ਹੈ। ਉਨ੍ਹਾਂ ਡਾ. ਕੇਵਲ ਧਾਲੀਵਾਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਡਾ. ਧਾਲੀਵਾਲ ਦਾ ਖ਼ਾਲਸਾ ਕਾਲਜ ਨਾਲ ਇਕ ਗੂੜ੍ਹਾ ਰਿਸ਼ਤਾ ਹੈ, ਜਿਸ ਕਰਕੇ ਉਹ ਹਰ ਮੌਕੇ ਖ਼ਾਲਸਾ ਕਾਲਜ ਦੇ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਾਟਕ ਬਸੰਤੀ ਚੋਲਾ ਬਹੁਤ ਹੀ ਭਾਵਪੂਰਤ ਨਾਟਕ ਹੈ ਜੋ ਆਪਣੇ ਪਾਤਰਾਂ ਤੇ ਦ੍ਰਿਸ਼ ਸਿਰਜਣਾ ਦੇ ਰਾਹੀਂ ਸਿੱਧਾ ਦਰਸ਼ਕਾਂ ਦੇ ਮਨ ਵਿਚ ਲਹਿ ਜਾਂਦਾ ਹੈ। ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਸੱਚੇ ਨਾਇਕਾਂ ਦੀ ਸੋਚ ਤੇ ਜੀਵਨ ਬਾਰੇ ਜਾਣੂੰ ਕਰਵਾਉਣ ਲਈ ਇਹ ਬਹੁਤ ਵੀ ਕਾਮਯਾਬ ਪੇਸ਼ਕਾਰੀ ਸਾਬਤ ਹੋਈ।
ਸਤਵੇਂ ਦਿਨ ਦੀ ਸ਼ੁਰੂਆਤ ਪੰਜਾਬੀ ਕਹਾਣੀ ਬਾਰੇ ‘ਸੁਲਘਦੇ ਸਮਿਆਂ ਦਾ ਬਿਰਤਾਂਤ’ ਪ੍ਰੋਗਰਾਮ ਅਧੀਨ ਸਮਕਾਲੀ ਪੰਜਾਬੀ ਕਹਾਣੀਕਾਰਾਂ ਅਜਮੇਰ ਸਿੱਧੂ ਨੇ ਕਿਹਾ ਕਿ ਮੈਂ ਉਸ ਦੌਰ ਵਿਚ ਕਹਾਣੀ ਲਿਖਣੀ ਸ਼ੁਰੂ ਕੀਤੀ ਜਦੋਂ ਪ੍ਰਗਤੀਵਾਦੀ ਧਾਰਾ ਆਪਣੇ ਜ਼ੋਰ ’ਤੇ ਸੀ। ਇਸ ਦਾ ਪ੍ਰਭਾਵ ਮੇਰੇ ਮਨ ‘’ਤੇ ਵੀ ਪਿਆ ਤੇ ਇਹ ਮੇਰੀਆਂ ਕਹਾਣੀਆਂ ਵਿਚ ਵੀ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਮੇਰੀਆਂ ਕਹਾਣੀਆਂ ਉਨ੍ਹਾਂ ਸੁਲਘਦਿਆਂ ਸਮਿਆਂ ਦਾ ਬਿਰਤਾਂਤ ਹੋ ਨਿੱਬੜਦੀਆਂ ਹਨ। ਦੇਸ ਰਾਜ ਕਾਲੀ ਨੇ ਭਗਵੰਤ ਰਸੂਲਪੁਰੀ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਪੰਜਾਬੀ ਕਹਾਣੀ ਵਿਚ ਦਲਿਤ ਵਰਗ ਦੀ ਹੋਂਦ ਤੇ ਹੋਣੀ ਦੇ ਪੇਸ਼ਕਾਰੀ ਵਿਚ ਆਈਆਂ ਤਬਦੀਲੀਆਂ ਦਾ ਜ਼ਿਕਰ ਕੀਤਾ।ਜੰਮੂ-ਕਸ਼ਮੀਰ ਤੋਂ ਆਏ ਅਦਬ ਮੈਗਜ਼ੀਨ ਦੇ ਸੰਪਾਦਕ ਤੇ ਕਹਾਣੀਕਾਰ ਬਲਜੀਤ ਰੈਨਾ ਨੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਦਾ ਘੇਰਾ ਜਮੂੰ ਤੋਂ ਲੈ ਕੇ ਕਲਕੱਤਾ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹੌਲੀ-ਹੌਲੀ ਪੰਜਾਬੀ ਸਿੱਖੀ ’ਤੇ ਪੰਜਾਬੀ ਕਹਾਣੀ ਵਿਚ ਆਪਣੇ ਸਮੇਂ ਦੇ ਅਨੁਭਵਾਂ ਨੂੰ ਪੇਸ਼ ਕੀਤਾ।ਭਗਵੰਤ ਰਸੂਲਪੁਰੀ ਨੇ ਦਲਿਤ ਸੰਵੇਦਨਾ ਦੇ ਨਿੱਜੀ ਤਜਰਬੇ ਤੇ ਅਧਿਐਨ ਦੇ ਆਧਾਰ ’ਤੇ ਸਿਰਜੀਆਂ ਕਹਾਣੀਆਂ ਦੀਆਂ ਵੱਖ-ਵੱਖ ਪਰਤਾਂ ਫੋਲੀਆਂ। ਦੀਪ ਦਵਿੰਦਰ ਨੇ ਕਹਾਣੀ ਅੰਦਰਲੀ ਭਾਸ਼ਾ ਤੇ ਆਪਣੇ ਭਾਸ਼ਾ ਨਾਲ ਸੰਵਾਦ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਪੈਨਲ ਚਰਚਾ ਦੇ ਸੰਯੋਜਕ ਡਾ. ਬਲਦੇਵ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਕਹਾਣੀ ਨੇ ਪਹਿਲੀ ਤੋਂ ਪੰਜਵੀਂ ਪੀੜ੍ਹੀ ਤੱਕ ਲੰਮਾਂ ਪੈਂਡਾ ਤੈਅ ਕੀਤਾ ਹੈ। ਭਾਵੇਂ ਪਛਾਣ ਦੀ ਗੱਲ ਹੋਵੇ ਜਾਂ ਨਾਰੀ ਦੀ ਹੋਣੀ ਦੀ, ਭਾਵੇਂ ਵੰਡ ਦੀ ਗੱਲ ਹੋਵੇ ਜਾਂ 84 ਦੇ ਕਾਲੇ ਦੌਰ ਦੀ ਪੰਜਾਬੀ ਕਹਾਣੀ ਨੇ ਹਰ ਸੁਲਘਦੇ ਸਮੇਂ ਨੂੰ ਆਪਣੇ ਆਪ ਉੱਪਰ ਹੰਢਾਇਆ ਤੇ ਪਾਠਕਾਂ ਤੱਕ ਪਹੁੰਚਾਇਆ ਹੈ।
ਬਾਅਦ ਦੁਪਹਿਰ ਦੇ ਸੈਸ਼ਨ ਵਿਚ ਵਿਸ਼ਵ ਪ੍ਰਸਿੱਧ ਕੰਪਿਊਟਰ ਤਕਨੀਕ ਵਿਗਿਆਨੀ ਗੁਰਪ੍ਰੀਤ ਸਿੰਘ ਲਹਿਲ ਨੇ ਆਪਣੇ ਵੱਲੋਂ ਤਿਆਰ ਕੀਤੇ ਗਏ ਪੰਜਾਬੀ ਵਰਡ ਪ੍ਰੋਸੈੱਸਰ ਅੱਖਰ 2021 ਦੇ ਨਵੇਂ ਸੰਸਕਰਣ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਕੰਪਿਊਟਰ ਦੇ ਵਿਦਵਾਨ ਡਾ. ਸੀ. ਪੀ. ਕੰਬੋਜ ਨੇ ਪੰਜਾਬੀ ਭਾਸ਼ਾ ਅਤੇ ਕੰਪਿਊਟਰ ਤਕਨਾਲੋਜੀ ਦੇ ਵੱਖ-ਵੱਖ ਤਕਨੀਕੀ ਮਸਲਿਆਂ ਬਾਰੇ ਜਾਣਕਾਰੀ ਭਰਪੂਰ ਵਾਰਤਾ ਪੇਸ਼ ਕੀਤੀ। ਗੁਰਪ੍ਰੀਤ ਸਿੰਘ ਲਹਿਲ ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਗਿਆਨ ਦਾ ਯੁੱਗ ਹੈ ਅੱਜ ਉਹੀ ਭਾਸ਼ਾ ਵਿਕਾਸ ਕਰਦੀ ਹੈ ਜਿਹੜੀ ਕੰਪਿਊਟਰ ਰਾਹੀਂ ਸੌਖੀ ਤਰ੍ਹਾਂ ਵਰਤੀ ਜਾਵੇ। ਪੰਜਾਬੀ ਭਾਸ਼ਾ ਨੂੰ ਕੰਪਿਊਟਰ ਤੇ ਵਰਤਣ ਵੇਲੇ ਪੇਸ਼ ਆ ਰਹੀਆਂ ਅੜਚਣਾ ਨੂੰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵੱਲੋਂ ਖੋਜ ਕਰਕੇ ਦੂਰ ਕੀਤੀਆਂ ਜਾ ਰਹੀਆਂ ਹਨ।
ਰੂ-ਬਰੂ ਪ੍ਰੋਗਰਾਮ ਅਧੀਨ ਪੰਜਾਬੀ ਦੇ ਵਾਰਤਕਕਾਰ ਨਿੰਦਰ ਘੁਗਿਆਣਵੀਂ ਨਾਲ ਉਸਦੇ ਸਾਹਿਤਕ ਸਫਰ ਬਾਰੇ ਗੱਲਾਂ ਕੀਤੀਆਂ ਅਤੇ ਨਿੰਦਰ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਲੰਮਾ ਸਮਾਂ ਬੰਨੀ ਰੱਖਿਆ।
ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕੱਲ 12 ਮਾਰਚ ਨੂੰ ‘ਏਜੰਡਾ ਪੰਜਾਬ : ਚੰਗੇ ਭਵਿੱਖ ਦੀ ਤਲਾਸ਼’ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਡਾ. ਮਨਮੋਹਨ ਸਿੰਘ ਅਤੇ ਅਮਰਜੀਤ ਸਿੰਘ ਗਰੇਵਾਲ ਹਿੱਸਾ ਲੈਣਗੇ ਜਦਕਿ ਇਸ ਪ੍ਰੋਗਰਾਮ ਦੇ ਸੰਚਾਲਕ ਡਾ. ਜਗਰੂਪ ਸਿੰਘ ਸੇਖੋਂ ਹੋਣਗੇ। ਇਸ ਪ੍ਰੋਗਰਾਮ ਵਿਚ ਵਿਦਵਾਨ ਪੰਜਾਬ ਦੇ ਭਵਿੱਖ ਨੂੰ ਲੈ ਕੇ ਆਪੋ ਆਪਣੀ ਰਾਏ ਦੱਸਣਗੇ। ਇਸੇ ਕਿਸਮ ਦਾ ਇਕ ਪ੍ਰੋਗਰਾਮ ‘ਇਸ਼ਕ ਕਰਨ ਤੇ ਤੇਗ ਦੀ ਧਾਰ ਕੱਪਣ’ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬੀ ਨਜ਼ਰੀਏ ਦੀ ਬੁਨਿਆਦ ਅਤੇ ਵੰਗਾਰਾਂ ਵਿਸ਼ੇ ਤੇ ਇਤਿਹਾਸਕਾਰ ਡਾ. ਸੁਮੇਲ ਸਿੱਧੂ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਵਿਚਾਰ ਚਰਚਾ ਕਰਨਗੇ। ਸ਼ਾਮ ਸਮੇਂ ਕੱਵਾਲ ਅਤੇ ਆਧੁਨਿਕ ਸੂਫੀ ਗਾਇਕੀ ਪੇਸ਼ ਕੀਤੀ ਜਾਵੇਗੀ।